ਖੇਡਾਂ ਨਸਿ਼ਆਂ ਨੂੰ ਖਤਮ ਕਰਨ ਦਾ ਅਧਾਰ ਬਣਨਗੀਆਂ-ਕੁਲਤਾਰ ਸਿੰਘ ਸੰਧਵਾਂ

9

ਪਿੰਡ ਚੰਨਣ ਖੇੜਾ ਵਿਚ 40ਵੀਂ ਨੈਸ਼ਨਲ ਸੂਟਿੰਗ ਬਾਲ ਚੈਂਪੀਅਨਸਿ਼ਪ ਵਿਚ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਕਿਹਾ, ਖੇਡਾਂ ਨੂੰ ਰੁਜਗਾਰ ਨਾਲ ਜੋੜਿਆ ਜਾਵੇਗਾ

ਅਬੋਹਰ, ਫਾਜਿ਼ਲਕਾ, 28 ਮਾਰਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸੇ਼ ਖਤਮ ਕਰਨ ਲਈ ਉਲੀਕੀ ਜਾ ਰਹੀ ਨੀਤੀ ਵਿਚ ਖੇਡਾਂ ਦਾ ਅਹਿਮ ਯੋਗਦਾਨ ਹੋਵੇਗਾ ਕਿਉਂਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੰਦੀਆਂ ਹਨ।
ਉਹ ਪਿੰਡ ਚੰਨਣ ਖੇੜਾ ਵਿਚ ਸੂਟਿੰਗ ਬਾਲ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਵੱਲੋਂ ਗਰੀਨ ਵਿਊ ਸਕੂਲ ਵਿਖੇ ਕਰਵਾਈਆਂ ਜਾ ਰਹੀਆਂ 40ਵੀਂ ਨੈਸ਼ਨਲ ਸੂਟਿੰਗ ਬਾਲ ਚੈਂਪੀਅਨਸਿ਼ਪ ਦੇ ਆਖਰੀ ਦਿਨ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਇੱਥੇ ਪਹੁੰਚੇ ਸਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਕਿਹਾ ਕਿ ਨੌਜਵਾਨ ਸਾਡੇ ਸੂਬੇ ਦਾ ਸਰਮਾਇਆ ਹਨ ਅਤੇ ਇੰਨ੍ਹਾਂ ਨੂੰ ਮਾੜੀਆਂ ਹਵਾਵਾਂ ਤੋਂ ਬਚਾ ਕੇ ਸਮਾਜ ਵਿਚ ਇੰਨ੍ਹਾਂ ਨੂੰ ਚੰਗੇ ਪਾਸੇ ਲਗਾਉਣ ਲਈ ਖੇਡਾਂ ਦੀ ਅਹਿਮ ਭੁਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਮੁੜ ਤੋਂ ਨਵੇਂ ਪੰਜਾਬ ਦੇ ਉਸਰਈਏ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿ ਖੇਡਾਂ ਨੂੰ ਰੋਜਗਾਰ ਨਾਲ ਵੀ ਜ਼ੋੜਿਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਸੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਨੂੰ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ।ਉਨ੍ਹਾਂ ਨੇ ਖਿਡਾਰੀਆਂ ਨੂੰ ਪੰਜਾਬ ਵਿਧਾਨ ਸਭਾ ਵੇਖਣ ਦਾ ਸੱਦਾ ਵੀ ਦਿੱਤਾ।ਉਨ੍ਹਾਂ ਨੇ ਖੇਡਾਂ ਦੇ ਸਫਲ ਆਯੋਜਨ ਲਈ ਪੰਜਾਬ ਸੂਟਿੰਗ ਬਾਲ ਐਸੋਸੀਏਸ਼ਨ ਨੂੰ ਵਧਾਈ ਵੀ ਦਿੱਤੀ।
ਇਸ ਤੋਂ ਪਹਿਲਾ ਹਲਕਾ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕਰਨ ਦੇ ਸੰਕਲਪ ਨੂੰ ਦੁਹਰਾਇਆ।ਸ੍ਰੀ ਕੁਲਦੀਪ ਕੁਮਾਰ ਦੀਪ ਕੰਬੋਜ਼ ਨੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਰੂਹ ਦੀ ਖੁਰਾਕ ਹਨ ਅਤੇ ਖੇਡਾਂ ਰਾਹੀਂ ਹੀ ਨੌਜਵਾਨਾਂ ਦਾ ਸਖਸੀ਼ਅਤ ਨਿਰਮਾਣ ਹੋ ਸਕਦਾ ਹੈ।
ਇਸ ਮੌਕੇ ਸੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਭਾਈ ਰਸਬੀਰ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 24 ਰਾਜਾਂ ਤੋਂ ਇਲਾਵਾ ਇਕ ਟੀਮ ਕੇਂਦਰ ਦੀ, ਇਕ ਏਮਜ ਦੀ, ਇਕ ਇਕ ਟੀਮ ਚੰਡੀਗੜ੍ਹ ਤੇ ਪੁਡੂਚੇਰੀ ਦੀ ਪੁੱਜੀ ਹੈ।ਚੇਅਰਮੈਨ ਕੁਲਦੀਪ ਸਿੰਘ ਨੇ ਇਸ ਮੌਕੇ ਐਸੋੋਸੀਏਸ਼ਨ ਵੱਲੋਂ ਰਾਜ ਵਿਚ ਸੂਟਿੰਗ ਬਾਲ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਅਬੋਹਰ ਦੇ ਐਸਡੀਐਮ ਸ੍ਰੀ ਅਮਿਤ ਗੁਪਤਾ, ਐਸਪੀ ਸ੍ਰੀ ਅਜੈਰਾਜ ਸਿੰਘ, ਡੀਐਸਪੀ ਸ: ਅਵਤਾਰ ਸਿੰਘ, ਸੂਟਿੰਗ ਬਾਲ ਫੈਡਰੇਸਨ ਆਫ ਇੰਡੀਆ ਦੇ ਜਨਰਲ ਸਕੱਤ ਸ੍ਰੀ ਰਵਿੰਦਰ ਤੋਮਰ, ਸੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਰਾਜੂ, ਉਪਪ੍ਰਧਾਨ ਸ੍ਰੀ ਸ਼ਾਮਜੀਤ ਸਿੰਘ ਸੰਧੂ, ਜਿ਼ਲ੍ਹਾ ਪ੍ਰਧਾਨ ਗਗਨ ਚੁੱਘ, ਐਮਡੀ ਰਣਜੀਤ ਸਿੰਘ ਵੀ ਹਾਜਰ ਸਨ।

You might also like