‘ਆਪ’ ਸਰਕਾਰ ਬਹੁਤ ਜਲਦ ਪੂਰਾ ਕਰੇਗੀ ਬਦਲਾਅ ਦਾ ਵਾਅਦਾ: ਅਨਮੋਲ ਗਗਨ ਮਾਨ

338

ਅਨਮੋਲ ਗਗਨ ਮਾਨ ਨੇ ਖਰੜ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ ਕੀਤੀ ਸ਼ਿਰਕਤ

ਮਾਨ ਨੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਕੀਤੀ ਅਪੀਲ

ਖਰੜ, 23 ਮਾਰਚ (PBNN) ਹਲਕਾ ਖਰੜ ਤੋਂ ਐਮ ਐਲ ਏ ਅਨਮੋਲ ਗਗਨ ਮਾਨ ਨੇ ਬੁੱਧਵਾਰ ਨੂੰ ਹਲਕੇ ਵਿੱਚ ਸਿਟੀਜ਼ਨ ਵੈਲਫੇਅਰ ਕਲੱਬ ਖਰੜ ਵੱਲੋਂ ਆਯੋਜਿਤ 27ਵੇਂ ਅੱਖਾਂ ਦੇ ਕੈਂਪ ਦੌਰਾਨ ਸ਼ਿਰਕਤ ਕੀਤੀ। ਇਸ ਮੌਕੇ ਮਾਨ ਨੇ ਕਲੱਬ ਮੈਂਬਰਾਂ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਨੌਜਵਾਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੈਂਬਰਾਂ ਨੇ ਅਨਮੋਲ ਗਗਨ ਮਾਨ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਲਗਾਏ ਗਏ ਕੈਂਪ ਵਿੱਚ ਲਗਭਗ 450 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ ਹੈ ਅਤੇ 70 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਆਪ੍ਰੇਸ਼ਨ ਕੀਤਾ ਜਾਣਾ ਹੈ। ਮਾਨ ਨੇ ਇਸ ਦੌਰਾਨ ਹਲਕਾ ਨਿਵਾਸੀਆਂ ਨੂੰ ਭਰੋਸਾ ਦੁਆਇਆ ਕਿ ਬਹੁਤ ਜਲਦ ਉਹ ਹਲਕੇ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਗੇ। ਖਰੜ ਵਿਖੇ ਸਾਫ਼ ਸਫਾਈ ਦੀ ਚਿੰਤਾਜਨਕ ਸਥਿਤੀ ਨੂੰ ਸੁਧਾਰਨਾ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੋਵੇਗੀ ਤਾਂ ਜੋ ਹਲਕਾ ਨਿਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਣ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਦੀਆਂ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਭਲਾਈ ਲਈ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾ ਸਕੇ।

ਮਾਨ ਨੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਹਰ ਲੋੜੀਂਦੇ ਕਦਮ ਚੁੱਕਣ ਲਈ ਤਿਆਰ ਬਰ ਤਿਆਰ ਹੈ। ਜਿੱਥੇ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਓਥੇ ਹੀ ਉਹ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਯਕੀਨੀ ਬਣਾਉਣਗੇ।

You might also like